“ਹੇ ਬੱਚੇ! ਮੈਂ ਤੈਨੂੰ ਕੁੱਝ ਗੱਲਾਂ ਦੱਸਦਾ ਹਾਂ (ਇਨ੍ਹਾਂ ਨੂੰ ਯਾਦ ਰੱਖੀ): ਅੱਲਾਹ (ਦੇ ਹੁਕਮਾਂ) ਦੀ ਰੱਖਿਆ ਕਰ, ਉਹ ਤੇਰੀ ਰੱਖਿਆ ਕਰੇਗਾ। ਤੂੰ…

“ਹੇ ਬੱਚੇ! ਮੈਂ ਤੈਨੂੰ ਕੁੱਝ ਗੱਲਾਂ ਦੱਸਦਾ ਹਾਂ (ਇਨ੍ਹਾਂ ਨੂੰ ਯਾਦ ਰੱਖੀ): ਅੱਲਾਹ (ਦੇ ਹੁਕਮਾਂ) ਦੀ ਰੱਖਿਆ ਕਰ, ਉਹ ਤੇਰੀ ਰੱਖਿਆ ਕਰੇਗਾ। ਤੂੰ ਅੱਲਾਹ (ਦੇ ਹੁਕਮਾਂ) ਦਾ ਧਿਆਨ ਰੱਖ, ਤੂੰ ਉਸ ਨੂੰ ਆਪਣੇ ਸਾਹਮਣੇ ਪਾਏਂਗਾ। ਜਦੋਂ ਕੁੱਝ ਮੰਗੇ, ਤਾਂ ਸਿਰਫ ਅੱਲਾਹ ਤੋਂ ਹੀ ਮੰਗ ਅਤੇ ਜਦੋਂ ਕੋਈ ਮਦਦ ਲਵੇਂ, ਤਾਂ ਸਿਰਫ ਅੱਲਾਹ ਤੋਂ ਹੀ ਮਦਦ ਲਵੀਂ

ਅਬੁਲ ਅੱਬਾਸ ਅਬਦੁੱਲਾਹ ਬਿਨ ਅੱਬਾਸ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਇੱਕ ਦਿਨ ਮੈਂ ਅੱਲਾਹ ਦੇ ਰਸੂਲ ﷺ ਦੇ ਪਿੱਛੇ ਸਵਾਰੀ 'ਤੇ ਬੈਠਾ ਸੀ ਕਿ ਆਪ ﷺ ਨੇ ਫਰਮਾਇਆ: “ਹੇ ਬੱਚੇ! ਮੈਂ ਤੈਨੂੰ ਕੁੱਝ ਗੱਲਾਂ ਦੱਸਦਾ ਹਾਂ (ਇਨ੍ਹਾਂ ਨੂੰ ਯਾਦ ਰੱਖੀ): ਅੱਲਾਹ (ਦੇ ਹੁਕਮਾਂ) ਦੀ ਰੱਖਿਆ ਕਰ, ਉਹ ਤੇਰੀ ਰੱਖਿਆ ਕਰੇਗਾ। ਤੂੰ ਅੱਲਾਹ (ਦੇ ਹੁਕਮਾਂ) ਦਾ ਧਿਆਨ ਰੱਖ, ਤੂੰ ਉਸ ਨੂੰ ਆਪਣੇ ਸਾਹਮਣੇ ਪਾਏਂਗਾ। ਜਦੋਂ ਕੁੱਝ ਮੰਗੇ, ਤਾਂ ਸਿਰਫ ਅੱਲਾਹ ਤੋਂ ਹੀ ਮੰਗ ਅਤੇ ਜਦੋਂ ਕੋਈ ਮਦਦ ਲਵੇਂ, ਤਾਂ ਸਿਰਫ ਅੱਲਾਹ ਤੋਂ ਹੀ ਮਦਦ ਲਵੀਂ। ਅਤੇ ਇਸ ਗੱਲ ਨੂੰ ਜਾਣ ਲੈ ਕਿ ਜੇਕਰ ਸਾਰੇ ਲੋਕੀ ਮਿਲਕੇ ਵੀ ਤੈਨੂੰ ਕੋਈ ਲਾਭ ਪਹੁੰਚਾਉਣਾ ਚਾਹੁਣ, ਤਾਂ ਤੈਨੂੰ ਉਸਤੋਂ ਵੱਧ ਲਾਭ ਨਹੀਂ ਪਹੁੰਚਾ ਸਕਦੇ ਹਨ ਜਿੰਨਾ ਅੱਲਾਹ ਨੇ ਤੇਰੇ ਲਈ ਲਿਖ ਦਿੱਤਾ ਹੈ; ਅਤੇ ਜੇਕਰ ਉਹ ਸਾਰੇ ਮਿਲਕੇ ਤੈਨੂੰ ਕੋਈ ਨੁਕਸਾਨ ਪਹੁੰਚਾਉਣਾ ਚਾਹੁਣ, ਤਾਂ ਵੀ ਤੈਨੂੰ ਉਸਤੋਂ ਵੱਧ ਕੋਈ ਨੁਕਸਾਨ ਨਹੀਂ ਪਹੁੰਚਾ ਸਕਦੇ, ਜਿੰਨਾ ਅੱਲਾਹ ਨੇ ਤੇਰੇ ਲਈ ਲਿਖ ਦਿੱਤਾ ਹੈ। ਕਲਮ ਚੁੱਕੀ ਗਈ ਹੈ ਅਤੇ ਲਿਖਤਾਂ ਸੁੱਕ ਚੁੱਕੀਆਂ ਹਨ।" ਅਤੇ ਤਿਰਮਿਜ਼ੀ ਤੋਂ ਇਲਾਵਾ ਇੱਕ ਹੋਰ ਰਿਵਾਇਤ ਵਿੱਚ ਹੈ: “ਅੱਲਾਹ (ਦੇ ਹੱਕਾਂ ਤੇ ਹੁਕਮਾਂ) ਦੀ ਰਾਖੀ ਕਰ, ਤੂੰ ਉਸਨੂੰ ਆਪਣੇ ਸਾਹਮਣੇ ਪਾਏਂਗਾ। ਤੂੰ ਅੱਲਾਹ ਨੂੰ ਖੁਸ਼ਹਾਲੀ ਦੇ ਸਮੇਂ ਪਛਾਣ, ਉਹ ਤੈਨੂੰ ਪਰੇਸ਼ਾਨੀ ਦੇ ਸਮੇਂ ਪਛਾਣੇਗਾ। ਜਾਣ ਲੈ ਕਿ ਜੋ ਕੁੱਝ ਤੇਰੇ ਹੱਥੋਂ ਨਿੱਕਲ ਗਿਆ ਹੈ, ਉਹ ਕਿਸੇ ਵੀ ਹਾਲਤ ਵਿੱਚ ਤੈਨੂੰ ਮਿਲਣ ਵਾਲਾ ਨਹੀਂ ਸੀ ਅਤੇ ਜੋ ਕੁੱਝ ਤੈਨੂੰ ਮਿਲ ਗਿਆ ਹੈ, ਉਹ ਕਿਸੇ ਵੀ ਹਾਲਤ ਵਿੱਚ ਤੇਰੇ ਹੱਥੋਂ ਨਿੱਕਲਣ ਵਾਲਾ ਨਹੀਂ ਸੀ। ਇਹ ਵੀ ਜਾਣ ਲੈ ਕਿ ਅੱਲਾਹ ਦੀ ਮਦਦ ਸਬਰ ਦੇ ਨਾਲ ਹੈ, ਰਾਹਤ ਗਮ ਦੇ ਨਾਲ ਹੈ ਅਤੇ ਤੰਗੀ ਦੇ ਨਾਲ ਆਸਾਨੀ ਹੈ।”

[صحيح] [رواه الترمذي وغيره]

الشرح

ਅਬਦੁੱਲਾਹ ਬਿਨ ਅੱਬਾਸ ਰਜ਼ੀਅੱਲਾਹੁ ਅਨਹੁਮਾ ਕਹਿੰਦੇ ਹਨ ਕਿ ਛੋਟੇ ਹੁੰਦਿਆਂ ਇੱਕ ਦਿਨ ਉਹ ਨਬੀ ਕਰੀਮ ﷺ ਦੇ ਪਿੱਛੇ ਸਵਾਰੀ 'ਤੇ ਬੈਠੇ ਵੀ ਕਿ ਆਪ ﷺ ਨੇ ਫਰਮਾਇਆ: ਮੈਂ ਤੈਨੂੰ ਕੁੱਝ ਗੱਲਾਂ ਸਿਖਾਵਾਂਗਾ, ਜਿਨ੍ਹਾਂ ਰਾਹੀਂ ਅੱਲਾਹ ਤੈਨੂੰ ਫਾਇਦਾ ਪਹੁੰਚਾਏਗਾ: ਅੱਲਾਹ ਦੇ ਹੁਕਮਾਂ ਦੀ ਰੱਖਿਆ ਕਰਕੇ ਅਤੇ ਉਸ ਦੀ ਮਨਾਹ ਕੀਤੀਆਂ ਚੀਜ਼ਾਂ ਤੋਂ ਦੂਰ ਰਹਿ ਕੇ ਇਸ ਤਰੀਕੇ ਨਾਲ ਅੱਲਾਹ ਦੀ ਰੱਖਿਆ ਕਰ ਕਿ ਉਹ ਤੈਨੂੰ ਨੇਕੀ ਤੇ ਅੱਲਾਹ ਦੇ ਨੇੜੇ ਕਰਨ ਵਾਲੇ ਕੰਮਾਂ ਵਿੱਚ ਰੁੱਝਿਆ ਪਾਵੇ, ਨਾ ਕਿ ਗੁਨਾਹਾਂ ਤੇ ਮਾੜੇ ਕੰਮਾਂ ਵਿੱਚ ਰੁੱਝਿਆ ਪਾਵੇ। ਜੇ ਤੂੰ ਇੰਜ ਕਰੇਂਗਾ ਤਾਂ ਬਦਲੇ ਵਿੱਚ ਅੱਲਾਹ ਤੈਨੂੰ ਦੁਨੀਆ ਤੇ ਆਖ਼ਰਤ ਦੀਆਂ ਮਾੜੀਆਂ ਚੀਜ਼ਾਂ ਤੋਂ ਸੁਰੱਖਿਅਤ ਰੱਖੇਗਾ, ਅਤੇ ਤੂੰ ਜਿੱਥੇ ਵੀ ਜਾਵੇਂਗਾ, ਹਰ ਕੰਮ ਵਿੱਚ ਤੇਰੀ ਮਦਦ ਕਰੇਗਾ। ਜੇ ਤੂੰ ਕੁੱਝ ਮੰਗਣਾ ਚਾਹਵੇਂ, ਤਾਂ ਸਿਰਫ ਅੱਲਾਹ ਤੋਂ ਹੀ ਮੰਗੀਂ, ਕਿਉਂਕਿ ਉਹੀਓ ਹੈ ਜੋ ਮੰਗਣ ਵਾਲਿਆਂ ਦੀ ਦੁਆਵਾਂ ਕਬੂਲ ਕਰਦਾ ਹੈ। ਜੇ ਕਿਸੇ ਦੀ ਮਦਦ ਲੈਣੀ ਚਾਹਵੇਂ, ਤਾਂ ਸਿਰਫ ਅੱਲਾਹ ਤੋਂ ਹੀ ਮਦਦ ਲੇਈਂ। ਤੇਰੇ ਦਿਲ ਵਿੱਚ ਇਸ ਗੱਲ ਦਾ ਯਕੀਨ ਹੋਣਾ ਚਾਹੀਦਾ ਹੈ ਕਿ ਜੇਕਰ ਧਰਤੀ 'ਤੇ ਰਹਿਣ ਵਾਲੇ ਸਾਰੇ ਲੋਕ ਮਿਲ ਕੇ ਵੀ ਤੈਨੂੰ ਕੋਈ ਲਾਭ ਪਹੁੰਚਾਉਣਾ ਚਾਹੁਣ, ਤਾਂ ਇੰਨਾ ਹੀ ਲਾਭ ਦੇ ਸਕਦੇ ਹਨ ਜਿੰਨਾ ਅੱਲਾਹ ਨੇ ਤੇਰੀ ਕਿਸਮਤ ਵਿੱਚ ਲਿਖ ਰੱਖਿਆ ਹੈ ਅਤੇ ਜੇਕਰ ਧਰਤੀ 'ਤੇ ਰਹਿਣ ਵਾਲੇ ਸਾਰੇ ਲੋਕ ਮਿਲ ਕੇ ਤੈਨੂੰ ਕੋਈ ਨੁਕਸਾਨ ਪਹੁੰਚਾਉਣਾ ਚਾਹੁਣ, ਤਾਂ ਉਸ ਤੋਂ ਵੱਧ ਨੁਕਸਾਨ ਨਹੀਂ ਪਹੁੰਚਾ ਸਕਦੇ ਜਿੰਨਾ ਅੱਲਾਹ ਨੇ ਤੇਰੀ ਕਿਸਮਤ ਵਿੱਚ ਲਿਖ ਰੱਖਿਆ ਹੈ। ਇਨ੍ਹਾਂ ਸਾਰੀਆਂ ਗੱਲਾਂ ਨੂੰ ਅੱਲਾਹ ਤਆਲਾ ਨੇ ਆਪਣੀ ਹਿਕਮਤ (ਸੂਝ-ਬੁਝ) ਅਤੇ ਇਲਮ (ਗਿਆਨ) ਦੇ ਹਿਸਾਬ ਨਾਲ ਪਹਿਲਾਂ ਹੀ ਲਿਖ ਰੱਖਿਆ ਹੈ ਅਤੇ ਅੱਲਾਹ ਦੇ ਲਿਖੇ ਹੋਏ ਵਿੱਚ ਕੋਈ ਬਦਲਾਵ ਹੋਣਾ ਸੰਭਵ ਨਹੀਂ ਹੈ। ਜੋ ਕੋਈ ਵੀ ਅੱਲਾਹ ਦੇ ਹੁਕਮਾਂ ਨੂੰ ਮੰਨ ਕੇ ਅਤੇ ਉਸ ਦੀਆਂ ਮਨਾਹੀਆਂ ਤੋਂ ਬਚ ਕੇ ਉਸ ਦੀ ਰੱਖਿਆ ਕਰਦਾ ਹੈ, ਤਾਂ ਪਾਕ ਤੇ ਪਵਿੱਤਰ ਅੱਲਾਹ ਤਆਲਾ ਅਜਿਹੇ ਬੰਦੇ ਦੇ ਸਾਹਮਣੇ ਹੁੰਦਾ ਹੈ। ਉਹ ਉਸਦੇ ਹਲਾਤਾਂ ਨੂੰ ਜਾਣਦਾ ਹੈ ਅਤੇ ਉਸਦੀ ਮਦਦ ਤੇ ਸਹਿਯੋਗ ਕਰਦਾ ਹੈ। ਜੇਕਰ ਬੰਦਾ ਸੁੱਖ ਦੇ ਸਮੇਂ ਅੱਲਾਹ ਦੀ ਆਗਿਆ ਦਾ ਪਾਲਣ ਕਰਦਾ ਹੈ, ਤਾਂ ਅੱਲਾਹ ਦੁੱਖ ਦੇ ਸਮੇਂ ਉਸ ਲਈ ਰਾਹਤ ਅਤੇ ਉਸ ਵਿੱਚੋਂ ਨਿੱਕਲਣ ਦਾ ਰਸਤਾ ਬਣਾਉਂਦਾ ਹੈ। ਇਸ ਲਈ, ਹਰ ਬੰਦੇ ਨੂੰ ਅੱਲਾਹ ਦੀ ਰਜ਼ਾ (ਉਸਦੇ ਭਲਾਈ ਜਾਂ ਬੁਰਾਈ ਦੇ ਫ਼ੈਸਲੇ) 'ਤੇ ਰਾਜ਼ੀ ਰਹਿਣਾ ਚਾਹੀਦਾ ਹੈ। ਮੁਸੀਬਤਾਂ ਤੇ ਆਜ਼ਮਾਇਸ਼ਾਂ ਦੇ ਸਮੇਂ ਬੰਦੇ ਨੂੰ ਸਬਰ ਕਰਨਾ ਚਾਹੀਦਾ ਹੈ, ਕਿਉਂਕਿ ਸਬਰ ਰਾਹਤ ਦੀ ਕੁੰਜੀ ਹੈ। ਜਦੋਂ ਮੁਸ਼ਕਿਲਾਂ ਵੱਧਦੀਆਂ ਹਨ ਤਾਂ ਅੱਲਾਹ ਵੱਲੋਂ ਰਾਹਤ ਆਉਂਦੀ ਹੈ ਅਤੇ ਜਦੋਂ ਪਰੇਸ਼ਾਨੀ ਆਉਂਦੀ ਹੈ ਤਾਂ ਅੱਲਾਹ ਉਸ ਤੋਂ ਬਾਅਦ ਆਸਾਨੀ ਭੇਜਦਾ ਹੈ।

فوائد الحديث

ਛੋਟੇ ਬੱਚਿਆਂ ਨੂੰ ਤੌਹੀਦ (ਅੱਲਾਹ ਨੂੰ ਹੀ ਇੱਕਲੋਤਾ ਰੱਬ ਤੇ ਈਸ਼ਟ ਮੰਨਣਾ), ਇਸਲਾਮੀ ਕਦਰਾਂ-ਕੀਮਤਾਂ ਅਤੇ ਇਸੇ ਪ੍ਰਕਾਰ ਦੀਨ ਦੀਆਂ ਹੋਰ ਬੁਨਿਆਦੀ ਗੱਲਾਂ ਸਿਖਾਉਣ ਦੀ ਮਹੱਤਤਾ।

ਅੱਲਾਹ ਤਆਲਾ ਇਨਸਾਨ ਨੂੰ ਉਸੇ ਦਰਜੇ ਦਾ ਬਦਲਾ ਦਿੰਦਾ ਹੈ ਜਿਸ ਦਰਜੇ ਦਾ ਉਸਦਾ ਅਮਲ ਹੁੰਦਾ ਹੈ

ਸਿਰਫ ਅੱਲਾਹ ਉੱਤੇ ਹੀ ਭਰੋਸਾ ਤੇ ਯਕੀਨ ਰੱਖਣ ਦਾ ਹੁਕਮ, ਕਿਉਂਕਿ ਓਹੀਓ ਹੈ ਜੋ ਸਾਰੇ ਕੰਮ ਸੰਵਾਰਦਾ ਹੈ।

ਅੱਲਾਹ ਦੇ ਫੈਸਲੇ ਤੇ ਤਕਦੀਰ 'ਤੇ ਈਮਾਨ ਲਿਆਉਣਾ, ਉਸ ਦੀ ਰਜ਼ਾ ਤੋਂ ਰਾਜ਼ੀ ਰਹਿਣਾ ਅਤੇ ਇਹ ਈਮਾਨ ਰੱਖਣਾ ਕਿ ਅੱਲਾਹ ਨੇ ਹਰ ਚੀਜ਼ ਬਾਰੇ ਪਹਿਲਾਂ ਤੋਂ ਹੀ ਲਿਖ ਰੱਖਿਆ ਹੈ।

ਜੋ ਕੋਈ ਵੀ ਅੱਲਾਹ ਦੇ ਹੁਕਮਾਂ ਨੂੰ ਬਰਬਾਦ ਕਰੇਗਾ, ਅੱਲਾਹ ਉਸ ਨੂੰ ਬਰਬਾਦ ਕਰ ਦੇਵੇਗਾ ਅਤੇ ਉਸ ਦੀ ਸੁਰੱਖਿਆ ਨਹੀਂ ਕਰੇਗਾ।

ਇਹ ਇੱਕ ਵੱਡੀ ਖੁਸ਼ਖਬਰੀ ਹੈ ਕਿ ਜਦੋਂ ਇਨਸਾਨ ਨੂੰ ਮੁਸ਼ਕਿਲ ਆਵੇ, ਤਾਂ ਉਸਨੂੰ ਆਸਾਨੀ ਦੀ ਉਡੀਕ ਕਰਨੀ ਚਾਹੀਦੀ ਹੈ।

ਕਿਸੇ ਪਸੰਦੀਦਾ ਚੀਜ਼ ਦੇ ਖੋਹ ਜਾਣ ‘ਤੇ ਅਤੇ ਮੁਸੀਬਤ ਆਉਣ ਦੇ ਸਮੇਂ ਬੰਦੇ ਨੂੰ ਤਸੱਲੀ (ਦਿਲਾਸਾ) ਦੇਣੀ ਚਾਹੀਦੀ ਹੈ। ਜਿਵੇਂ ਕਿ ਨਬੀ ﷺ ਦੇ ਇਸ ਫਰਮਾਨ ਵਿੱਚ ਹੈ: "ਜਾਣ ਲੈ ਕਿ ਜੋ ਕੁੱਝ ਤੇਰੇ ਹੱਥੋਂ ਨਿੱਕਲ ਗਿਆ ਹੈ, ਉਹ ਕਿਸੇ ਵੀ ਹਾਲਤ ਵਿੱਚ ਤੈਨੂੰ ਮਿਲਣ ਵਾਲਾ ਨਹੀਂ ਸੀ ਅਤੇ ਜੋ ਕੁੱਝ ਤੈਨੂੰ ਮਿਲ ਗਿਆ ਹੈ, ਉਹ ਕਿਸੇ ਵੀ ਹਾਲਤ ਵਿੱਚ ਤੇਰੇ ਹੱਥੋਂ ਨਿੱਕਲਣ ਵਾਲਾ ਨਹੀਂ ਸੀ।" ਇੱਥੇ ਪਹਿਲਾ ਵਾਕ ਤਕਲੀਫ਼ ਪਹੁੰਚਣ ਉੱਤੇ ਤਸੱਲੀ ਦੇਣ ਵਾਲਾ ਹੈ ਅਤੇ ਦੂਜਾ ਵਾਕ ਪਸੰਦੀਦਾ ਚੀਜ਼ ਖੋਹ ਜਾਣ ‘ਤੇ ਤਸੱਲੀ ਦੇਣ ਵਾਲਾ ਹੈ।

التصنيفات

Belief in the Divine Decree and Fate, Oneness of Allah's Lordship