ਜੋ ਬੰਦਾ ਸੱਚੇ ਦਿਲ ਨਾਲ ਇਹ ਗਵਾਹੀ ਦਿੰਦਾ ਹੈ ਕਿ ਅੱਲਾਹ ਤੋਂ ਇਲਾਵਾ ਕੋਈ ਮਾਬੂਦ (ਇਸ਼ਟ) ਨਹੀਂ ਅਤੇ ਮੁਹੰਮਦ ﷺ ਉਸ ਦੇ ਰਸੂਲ ਹਨ, ਤਾਂ ਅੱਲਾਹ ਉਸ…

ਜੋ ਬੰਦਾ ਸੱਚੇ ਦਿਲ ਨਾਲ ਇਹ ਗਵਾਹੀ ਦਿੰਦਾ ਹੈ ਕਿ ਅੱਲਾਹ ਤੋਂ ਇਲਾਵਾ ਕੋਈ ਮਾਬੂਦ (ਇਸ਼ਟ) ਨਹੀਂ ਅਤੇ ਮੁਹੰਮਦ ﷺ ਉਸ ਦੇ ਰਸੂਲ ਹਨ, ਤਾਂ ਅੱਲਾਹ ਉਸ 'ਤੇ ਜਹੰਨਮ ਨੂੰ ਹਰਾਮ ਕਰ ਦਿੰਦਾ ਹੈ

ਅਨਸ ਬਿਨ ਮਾਲਿਕ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ: ਅੱਲਾਹ ਦੇ ਨਬੀ ﷺ ਨੇ, ਜਦੋਂ ਮੁਆਜ਼ ਬਿਨ ਜਬਲ ਰਜ਼ੀਅੱਲਾਹੁ ਅਨਹੁ ਆਪ ﷺ ਦੇ ਪਿੱਛੇ ਸਵਾਰੀ 'ਤੇ ਬੈਠੇ ਸੀ, ਫਰਮਾਇਆ "ਹੇ ਮੁਆਜ਼ ਬਿਨ ਜਬਲ!" ਉਨ੍ਹਾਂ ਨੇ ਜਵਾਬ ਦਿੱਤਾ: ਮੈਂ ਹਾਜ਼ਰ ਹਾਂ, ਹੇ ਅੱਲਾਹ ਦੇ ਰਸੂਲ! ਆਪ ﷺ ਇਸ ਤਰ੍ਹਾਂ ਤਿੰਨ ਵਾਰ ਆਵਾਜ਼ ਦਿੱਤੀ ਅਤੇ ਹਰ ਵਾਰ ਮੁਆਜ਼ (ਰ.) ਨੇ ਉਹੀ ਜਵਾਬ ਦਿੱਤਾ। ਫੇਰ ਆਪ ﷺ ਨੇ ਫਰਮਾਇਆ: "ਜੋ ਬੰਦਾ ਸੱਚੇ ਦਿਲ ਨਾਲ ਇਹ ਗਵਾਹੀ ਦਿੰਦਾ ਹੈ ਕਿ ਅੱਲਾਹ ਤੋਂ ਇਲਾਵਾ ਕੋਈ ਮਾਬੂਦ (ਇਸ਼ਟ) ਨਹੀਂ ਅਤੇ ਮੁਹੰਮਦ ﷺ ਉਸ ਦੇ ਰਸੂਲ ਹਨ, ਤਾਂ ਅੱਲਾਹ ਉਸ 'ਤੇ ਜਹੰਨਮ ਨੂੰ ਹਰਾਮ ਕਰ ਦਿੰਦਾ ਹੈ।” ਮੁਆਜ਼ (ਰ.) ਨੇ ਆਖਿਆ: ਹੇ ਅੱਲਾਹ ਦੇ ਰਸੂਲ! ਕੀ ਮੈਂ ਲੋਕਾਂ ਨੂੰ ਇਹ ਗੱਲ ਦੱਸ ਨਾ ਦਿਆਂ ਤਾਂ ਜੋ ਉਹ ਖੁਸ਼ ਹੋ ਜਾਣ? ਆਪ ﷺ ਨੇ ਫਰਮਾਇਆ: "ਫੇਰ ਉਹ ਇਸੇ 'ਤੇ ਭਰੋਸਾ ਕਰ ਲੈਣਗੇ।" ਸੋ ਮੁਆਜ਼ (ਰ.) ਨੇ ਆਪਣੀ ਮੌਤ ਦੇ ਸਮੇਂ (ਇਲਮ ਲੁਕਾਉਣ ਦੇ) ਗੁਨਾਹ ਦੇ ਡਰ ਤੋਂ ਲੋਕਾਂ ਨੂੰ ਇਹ ਹਦੀਸ ਸੁਣਾ ਦਿੱਤੀ।

[صحيح] [متفق عليه]

الشرح

ਮੁਆਜ਼ ਬਿਨ ਜਬਲ (ਰਜ਼ੀਅੱਲਾਹੁ ਅਨਹੁ) ਅੱਲਾਹ ਦੇ ਨਬੀ ﷺ ਦੇ ਪਿੱਛੇ ਸਵਾਰੀ 'ਤੇ ਬੈਠੇ ਹੋਏ ਸੀ ਕਿ ਆਪ ﷺ ਨੇ ਉਨ੍ਹਾਂ ਦਾ ਨਾਂ ਲੈ ਕੇ ਤਿੰਨ ਵਾਰ ਕਿਹਾ: ਹੇ ਮੁਆਜ਼! ਆਪ ﷺ ਦੁਆਰਾ ਉਨ੍ਹਾਂ ਨੂੰ ਤਿੰਨ ਵਾਰ ਪੁਕਾਰਨ ਦਾ ਕਾਰਨ ਅੱਗੇ ਦੱਸੀ ਜਾਣ ਵਾਲੀ ਗੱਲ ਦੀ ਅਹਿਮੀਅਤ (ਮਹੱਤਵ) ਨੂੰ ਦਰਸਾਉਣਾ ਸੀ। ਹਰ ਵਾਰ ਮੁਆਜ਼ (ਰਜ਼ੀਅੱਲਾਹੁ ਅਨਹੁ) ਨੇ ਨਬੀ ﷺ ਨੂੰ ਇਹ ਕਹਿ ਕੇ ਜਵਾਬ ਦਿੱਤਾ: "لبيك يا رسول الله وسعديك - ਲੱਬੈਕ ਯਾ ਰਸੂਲੱਲਾਹ ਵਾ ਸਾਅਦੈਕ" ਅਰਥਾਤ: ਹੇ ਅੱਲਾਹ ਦੇ ਰਸੂਲ! ਮੈਂ ਤੁਹਾਡੀ ਹਰ ਪੁਕਾਰ (ਸੱਦੇ) 'ਤੇ ਖੜ੍ਹਾ ਹਾਂ ਅਤੇ ਇਸਨੂੰ ਆਪਣੇ ਲਈ ਮਾਣ ਦੀ ਗੱਲ ਸਮਝਦਾ ਹਾਂ। ਫੇਰ ਅੱਲਾਹ ਦੇ ਰਸੂਲ ﷺ ਨੇ ਉਨ੍ਹਾਂ ਨੂੰ ਦੱਸਿਆ ਕਿ ਜਿਸ ਵਿਅਕਤੀ ਨੇ ਸੱਚੇ ਦਿਲ ਨਾਲ ਇਸ ਗੱਲ ਦੀ ਗਵਾਹੀ ਦੀ ਦਿੱਤੀ ਕਿ ਅੱਲਾਹ ਦੇ ਸਿਵਾਏ ਕੋਈ ਸੱਚਾ ਮਾਬੂਦ (ਇਸ਼ਟ) ਨਹੀਂ ਹੈ ਤੇ ਮੁਹੰਮਦ ﷺ ਅੱਲਾਹ ਦੇ ਰਸੂਲ ਹਨ ਅਤੇ ਫੇਰ ਉਹ ਇਸੇ ਹਾਲਤ ਵਿੱਚ ਮਰ ਜਾਂਦਾ ਹੈ, ਤਾਂ ਅੱਲਾਹ ਉਸ 'ਤੇ ਜਹੰਨਮ (ਨਰਕ) ਨੂੰ ਹਰਾਮ ਕਰ ਦਿੰਦਾ ਹੈ। ਇਹ ਸੁਣਨ ਤੋਂ ਬਾਅਦ ਮੁਆਜ਼ (ਰਜ਼ੀਅੱਲਾਹੁ ਅਨਹੁ) ਨੇ ਅੱਲਾਹ ਦੇ ਨਬੀ ﷺ ਕੋਲੋਂ ਇਸ ਗੱਲ ਦੀ ਇਜਾਜ਼ਤ (ਆਗਿਆ) ਮੰਗੀ ਕਿ ਉਹ ਲੋਕਾਂ ਨੂੰ ਇਹ ਗੱਲ ਦੱਸ ਦੇਣ, ਤਾਂ ਜੋ ਉਹ ਖੁਸ਼ ਹੋ ਜਾਣ। ਲੇਕਿਨ ਨਬੀ ﷺ ਨੂੰ ਇਸ ਗੱਲ ਦਾ ਡਰ ਹੋਇਆ ਕਿ ਕਿਤੇ ਲੋਕ ਇਸ 'ਤੇ ਹੀ ਭਰੋਸਾ ਕਰ ਕੇ ਨਾ ਬੈਠ ਜਾਣ ਅਤੇ ਅਮਲ ਦੇ ਮੈਦਾਨ ਵਿੱਚ ਪਿੱਛੇ ਰਹਿ ਜਾਣ। ਇਸ ਲਈ ਮੁਆਜ਼ (ਰਜ਼ੀਅੱਲਾਹੁ ਅਨਹੁ) ਨੇ ਇਹ ਹਦੀਸ ਕਿਸੇ ਨੂੰ ਨਹੀਂ ਦੱਸੀ। ਪ੍ਰੰਤੂ ਮੌਤ ਤੋਂ ਪਹਿਲਾਂ ਇਸ ਡਰ ਤੋਂ ਦੱਸ ਦਿੱਤੀ ਕਿ ਕਿਤੇ ਇਲਮ (ਗਿਆਨ) ਨੂੰ ਲੁਕਾਉਣ ਦੇ ਗੁਨਾਹ ਵਿੱਚ ਨਾ ਫੱਸ ਜਾਣ।

فوائد الحديث

ਅੱਲਾਹ ਦੇ ਨਬੀ ﷺ ਦਾ ਨਿਮਰਤਾ ਭਰਿਆ ਸੁਭਾਅ ਕਿ ਆਪ ﷺ ਨੇ ਮੁਆਜ਼ (ਰਜ਼ੀਅੱਲਾਹੁ ਅਨਹੁ) ਨੂੰ ਆਪਣੇ ਪਿੱਛੇ ਸਵਾਰੀ 'ਤੇ ਬਿਠਾ ਲਿਆ।

ਇੱਥੇ ਅੱਲਾਹ ਦੇ ਨਬੀ ﷺ ਦਾ ਸਿੱਖਿਆ ਦੇਣ ਦਾ ਇੱਕ ਤਰੀਕਾ ਸਾਹਮਣੇ ਆਉਂਦਾ ਹੈ ਕਿ ਆਪ ﷺ ਨੇ ਮੁਆਜ਼ (ਰ.) ਨੂੰ ਇੱਕ ਤੋਂ ਵੱਧ ਵਾਰੀ ਆਵਾਜ਼ ਮਾਰੀ, ਤਾਂ ਜੋ ਉਹ ਆਪ ﷺ ਦੀ ਗੱਲ ਨੂੰ ਪੂਰੇ ਧਿਆਨ ਨਾਲ ਸੁਣਨ।

ਅੱਲਾਹ ਤੋਂ ਇਲਾਵਾ ਕੋਈ ਸੱਚਾ ਮਾਬੂਦ (ਇਸ਼ਟ) ਨਹੀਂ ਤੇ ਮੁੰਹਮਦ ﷺ ਅੱਲਾਹ ਦੇ ਰਸੂਲ ਹਨ ਦੀ ਗਵਾਹੀ ਦੇਣ ਦੀ ਇੱਕ ਸ਼ਰਤ ਇਹ ਹੈ ਕਿ ਗਵਾਹੀ ਦੇਣ ਵਾਲਾ ਸੱਚੇ ਦਿਲੋਂ ਤੇ ਪੂਰੇ ਯਕੀਨ ਨਾਲ ਗਵਾਹੀ ਦੇਵੇ। ਉਹ ਨਾ ਤਾਂ ਝੂਠ ਬੋਲੇ ਅਤੇ ਨਾ ਹੀ ਉਸ ਦੇ ਮਨ ਵਿੱਚ ਕੋਈ ਸ਼ੱਕ ਹੋਵੇ।

ਅੱਲਾਹ ਦੇ ਇਕਲੌਤਾ ਰੱਬ ਤੇ ਇਸ਼ਟ ਹੋਣ (ਤੌਹੀਦ) ਦੀ ਗਵਾਹੀ ਦੇਣ ਵਾਲੇ ਲੋਕ ਹਮੇਸ਼ਾ ਜਹੰਨਮ ਵਿੱਚ ਨਹੀਂ ਰਹਿਣਗੇ। ਆਪਣੇ ਗੁਨਾਹਾਂ ਦੇ ਕਾਰਨ ਜੇਕਰ ਜਹੰਨਮ ਵਿੱਚ ਚਲੇ ਵੀ ਗਏ, ਤਾਂ ਪਾਕ-ਸਾਫ਼ ਹੋਣ ਤੋਂ ਬਾਅਦ ਉੱਥੋਂ ਬਾਹਰ ਕੱਢ ਦਿੱਤੇ ਜਾਣਗੇ।

ਸੱਚੇ ਦਿਲੋਂ ਅੱਲਾਹ ਦੇ ਅਸਲ ਇਸ਼ਟ ਹੋਣ ਤੇ ਮੁੰਹਮਦ ﷺ ਦੇ ਰਸੂਲ ਹੋਣ ਦੀ ਗਵਾਹੀ ਦੇਣ ਦੀ ਫਜ਼ੀਲਤ (ਮਹੱਤਤਾ)।

ਕਈ ਵਾਰੀ ਕਿਸੇ ਹਦੀਸ ਨੂੰ ਨਾ ਬਿਆਨ ਕਰਨਾ ਵੀ ਜਾਇਜ਼ ਹੈ, ਜਦੋਂ ਉਸ ਦੇ ਬਿਆਨ ਕਰਨ ਨਾਲ ਕੋਈ ਫਸਾਦ ਜਾਂ ਨੁਕਸਾਨ ਪੈਦਾ ਹੋਣ ਦਾ ਖਤਰਾ ਹੋਵੇ।

التصنيفات

Oneness of Allah's Lordship, Excellence of Monotheism