ਕਿਆਮਤ ਦੇ ਦਿਨ ਇੱਕ ਆਦਮੀ ਨੂੰ ਲਿਆਂਦਾ ਜਾਵੇਗਾ ਅਤੇ ਉਸਨੂੰ ਜਹੰਨਮ ਵਿੱਚ ਸੁੱਟ ਦਿੱਤਾ ਜਾਵੇਗਾ, ਜਿਸ ਨਾਲ ਉਸਦੇ ਪੇਟ ਦੀਆਂ ਆਂਦਰਾਂ ਬਾਹਰ…

ਕਿਆਮਤ ਦੇ ਦਿਨ ਇੱਕ ਆਦਮੀ ਨੂੰ ਲਿਆਂਦਾ ਜਾਵੇਗਾ ਅਤੇ ਉਸਨੂੰ ਜਹੰਨਮ ਵਿੱਚ ਸੁੱਟ ਦਿੱਤਾ ਜਾਵੇਗਾ, ਜਿਸ ਨਾਲ ਉਸਦੇ ਪੇਟ ਦੀਆਂ ਆਂਦਰਾਂ ਬਾਹਰ ਨਿੱਕਲ ਆਉਣਗੀਆਂ ਅਤੇ ਉਹ ਉਨ੍ਹਾਂ ਨਾਲ ਇੰਜ ਘੁੰਮੇਗਾ, ਜਿਵੇਂ ਗਧਾ ਚੱਕੀ ਦੇ ਦੁਆਲੇ ਘੁੰਮਦਾ ਹੈ।

ਉਸਾਮਾ ਬਿਨ ਜ਼ੈਦ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਉਨ੍ਹਾਂ ਨੂੰ ਕਿਹਾ ਗਿਆ ਕਿ ਤੁਸੀਂ ਉਸਮਾਨ (ਰਜ਼ੀਅੱਲਾਹੁ ਅਨਹੁ) ਕੋਲ ਜਾ ਕੇ ਉਨ੍ਹਾਂ ਨਾਲ ਗੱਲ ਕਿਉਂ ਨਹੀਂ ਕਰਦੇ? ਇਸ 'ਤੇ ਉਸਾਮਾ ਬਿਨ ਜ਼ੈਦ (ਰਜ਼ੀਅੱਲਾਹੁ ਅਨਹੁ) ਨੇ ਜਵਾਬ ਦਿੱਤਾ: ਕੀ ਤੁਸੀਂ ਇਹ ਸਮਝਦੇ ਹੋ ਕਿ ਮੈਂ ਉਨ੍ਹਾਂ ਨਾਲ ਗੱਲ ਤੁਹਾਨੂੰ ਦੱਸ ਕੇ ਹੀ ਕਰਾਂਗਾ? ਅੱਲਾਹ ਦੀ ਕਸਮ, ਮੈਂ ਉਨ੍ਹਾਂ ਨਾਲ ਇਕਾਂਤ ਵਿੱਚ ਗੱਲ ਕੀਤੀ ਹੈ, ਤਾਂ ਜੋ ਕਿਸੇ ਵੀ ਪ੍ਰਕਾਰ ਦੇ ਫਸਾਦ ਦਾ ਦਰਵਾਜ਼ਾ ਨਾ ਖੁੱਲ੍ਹੇ। ਮੈਂ ਇਹ ਵੀ ਨਹੀਂ ਚਾਹੁੰਦਾ ਕਿ ਸਭ ਤੋਂ ਪਹਿਲਾਂ ਮੈਂ ਫ਼ਿਤਨੇ ਦਾ ਦਰਵਾਜ਼ਾ ਖੋਲ੍ਹਾਂ। ਮੈਂ ਅੱਲਾਹ ਦੇ ਰਸੂਲ ﷺ ਤੋਂ ਇਹ ਹਦੀਸ ਸੁਣਨ ਤੋਂ ਬਾਅਦ ਇਹ ਵੀ ਨਹੀਂ ਕਹਿੰਦਾ ਕਿ ਜੋ ਵਿਅਕਤੀ ਮੇਰਾ ਹੁਕਮਰਾਨ ਹੈ, ਉਹ ਸਾਰੇ ਲੋਕਾਂ ਨਾਲੋਂ ਬਿਹਤਰ ਹੈ: "ਕਿਆਮਤ ਦੇ ਦਿਨ ਇੱਕ ਆਦਮੀ ਨੂੰ ਲਿਆਂਦਾ ਜਾਵੇਗਾ ਅਤੇ ਉਸਨੂੰ ਜਹੰਨਮ ਵਿੱਚ ਸੁੱਟ ਦਿੱਤਾ ਜਾਵੇਗਾ, ਜਿਸ ਨਾਲ ਉਸਦੇ ਪੇਟ ਦੀਆਂ ਆਂਦਰਾਂ ਬਾਹਰ ਨਿੱਕਲ ਆਉਣਗੀਆਂ ਅਤੇ ਉਹ ਉਨ੍ਹਾਂ ਨਾਲ ਇੰਜ ਘੁੰਮੇਗਾ, ਜਿਵੇਂ ਗਧਾ ਚੱਕੀ ਦੇ ਦੁਆਲੇ ਘੁੰਮਦਾ ਹੈ। ਫੇਰ ਜਹੰਨਮ ਦੇ ਲੋਕ ਉਸ ਦੇ ਕੋਲ ਇਕੱਠੇ ਹੋ ਜਾਣਗੇ ਅਤੇ ਕਹਿਣਗੇ: ਹੇ ਫਲਾਣੇ ਬੰਦੇ! ਤੇਰੇ ਨਾਲ ਅਜਿਹਾ ਕੀ ਹੋ ਗਿਆ? ਕੀ ਇਹ ਨਹੀਂ ਹੈ ਕਿ ਤੂੰ ਭਲਾਈ ਦਾ ਹੁਕਮ ਦਿੰਦਾ ਸੀ ਅਤੇ ਬੁਰਾਈ ਤੋਂ ਰੋਕਦਾ ਸੀ? ਉਹ ਜਵਾਬ ਵਿੱਚ ਕਹੇਗਾ: ਹਾਂ, ਮੈਂ ਦੂਜਿਆਂ ਨੂੰ ਭਲਾਈ ਦਾ ਹੁਕਮ ਤਾਂ ਦਿੰਦਾ ਸੀ, ਪਰ ਆਪ ਉਸ 'ਤੇ ਅਮਲ ਨਹੀਂ ਕਰਦਾ ਸੀ ਅਤੇ ਦੂਜਿਆਂ ਨੂੰ ਬੁਰਾਈ ਤੋਂ ਤਾਂ ਰੋਕਦਾ ਸੀ, ਪਰ ਆਪ ਉਹੀ ਬੁਰਾਈ ਕਰਦਾ ਸੀ।"

[صحيح] [متفق عليه]

الشرح

ਕਿਸੇ ਨੇ ਉਸਾਮਾ ਬਿਨ ਜ਼ੈਦ (ਰਜ਼ੀਅੱਲਾਹੁ ਅਨਹੁਮਾ) ਤੋਂ ਪੁੱਛਿਆ: ਤੁਸੀਂ ਉਸਮਾਨ ਬਿਨ ਅੱਫ਼ਾਨ (ਰਜ਼ੀਅੱਲਾਹੁ ਅਨਹੁ) ਦੇ ਕੋਲ ਜਾ ਕੇ ਉਨ੍ਹਾਂ ਤੋਂ ਲੋਕਾਂ ਵਿਚਕਾਰ ਪੈਦਾ ਹੋਏ ਫਿਤਨੇ (ਫਸਾਦ) ਦੀ ਗੱਲ ਕਿਉਂ ਨਹੀਂ ਕਰਦੇ ਅਤੇ ਇਸ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕਿਉਂ ਨਹੀਂ ਕਰਦੇ? ਜਵਾਬ ਵਿੱਚ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਉਨ੍ਹਾਂ ਨਾਲ ਗੱਲ ਤਾਂ ਕੀਤੀ ਹੈ, ਲੇਕਿਨ ਗੁਪਤ ਤੌਰ 'ਤੇ ਕੀਤੀ ਹੈ। ਤਾਂ ਜੋ ਮਸਲਿਹਤ (ਚੰਗਿਆਈ) ਹਾਸਲ ਹੋ ਜਾਵੇ ਅਤੇ ਕੋਈ ਫਿਤਨਾ ਨਾ ਫੈਲੇ। ਉਹ ਇਹ ਕਹਿਣਾ ਚਾਹੁੰਦੇ ਸੀ ਕਿ ਉਹ ਲੋਕਾਂ ਦੇ ਸਾਹਮਣੇ ਖੁੱਲ੍ਹ ਕੇ ਆਪਣੇ ਅਮੀਰ (ਆਗੂ) ਦੀ ਨਿੰਦਾ ਨਹੀਂ ਕਰਨਾ ਚਾਹੁੰਦੇ। ਕਿਉਂਕਿ ਇਸ ਨਾਲ ਖਲੀਫ਼ਾ ਦਾ ਅਪਮਾਨ ਹੋਵੇਗਾ ਅਤੇ ਫਿਤਨਿਆਂ ਦਾ ਦਰਵਾਜ਼ਾ ਖੁੱਲ੍ਹੇਗਾ ਅਤੇ ਉਹ ਨਹੀਂ ਚਾਹੁੰਦੇ ਸੀ ਕਿ ਇਹ ਦਰਵਾਜ਼ਾ ਸਭ ਤੋਂ ਪਹਿਲਾਂ ਉਨ੍ਹਾਂ ਦੇ ਹੱਥੋਂ ਖੁੱਲ੍ਹੇ। ਉਸ ਤੋਂ ਬਾਅਦ ਉਸਾਮਾ (ਰਜ਼ੀਅੱਲਾਹੁ ਅਨਹੁ) ਨੇ ਕਿਹਾ ਕਿ ਉਹ ਅਮੀਰਾਂ (ਆਗੂਆਂ/ਸ਼ਾਸ਼ਕਾਂ) ਨੂੰ ਇਕਾਂਤ ਵਿੱਚ ਸਲਾਹ ਦਿੰਦੇ ਹਨ ਅਤੇ ਕਿਸੇ ਦੀ ਚਾਪਲੂਸੀ ਨਹੀਂ ਕਰਦੇ ਕਿ ਮੂੰਹ 'ਤੇ ਉਨ੍ਹਾਂ ਦੀ ਝੂਠੀ ਤਾਰੀਫ਼ ਕਰਨ। ਫੇਰ ਭਾਵੇਂ ਉਹ ਅਮੀਰ ਹੀ ਕਿਉਂ ਨਾ ਹੋਵੇ। ਇਹ ਤਰੀਕਾ ਅਸਲ ਵਿੱਚ ਉਨ੍ਹਾਂ ਨੇ ਅੱਲਾਹ ਦੇ ਨਬੀ ﷺ ਦੀ ਇਹ ਹਦੀਸ ਸੁਣਨ ਤੋਂ ਬਾਅਦ ਅਪਣਾਇਆ ਸੀ ਕਿ ਕਿਆਮਤ ਦੇ ਦਿਨ ਇੱਕ ਆਦਮੀ ਨੂੰ ਲਿਆ ਕੇ ਜਹੰਨਮ ਵਿੱਚ ਸੁੱਟ ਦਿੱਤਾ ਜਾਵੇਗਾ। ਜਹੰਨਮ ਦੀ ਅੱਗ ਇੰਨੀ ਤੇਜ਼ ਹੋਵੇਗੀ ਕਿ ਗਿਰਨ ਸਾਰ ਹੀ ਉਸਦੇ ਪੇਟ ਵਿੱਚੋਂ ਆਂਦਰਾਂ ਨਿੱਕਲ ਕੇ ਬਾਹਰ ਆ ਜਾਣਗੀਆਂ। ਇਸ ਹਾਲਤ ਵਿੱਚ ਉਹ ਆਦਮੀ ਆਪਣੀਆਂ ਆਂਦਰਾਂ ਨਾਲ ਇੰਜ ਚਾਰੋਂ ਪਾਸੇ ਘੁੰਮ ਰਿਹਾ ਹੋਵੇਗਾ, ਜਿਵੇਂ ਗਧਾ ਚੱਕੀ ਦੇ ਚਾਰੋਂ ਪਾਸੇ ਘੁੰਮਦਾ ਹੈ। ਇਹ ਦ੍ਰਿਸ਼ ਦੇਖ ਕੇ ਜਹੰਨਮੀ ਲੋਕ ਉਸਦੇ ਆਲੇ-ਦੁਆਲੇ ਘੇਰਾ ਬਣਾ ਕੇ ਇਕੱਠੇ ਹੋ ਜਾਣਗੇ ਅਤੇ ਉਸਨੂੰ ਪੁੱਛਣਗੇ ਕਿ ਹੇ ਫਲਾਣੇ ਬੰਦੇ! ਕੀ ਤੂੰ ਸਾਨੂੰ ਭਲਾਈ (ਚੰਗੇ ਕੰਮ) ਦਾ ਹੁਕਮ ਦਿੰਦਾ ਅਤੇ ਬੁਰਾਈ ਤੋਂ ਰੋਕਿਆ ਨਹੀਂ ਕਰਦਾ ਸੀ?! ਉਹ ਜਵਾਬ ਦੇਵੇਗਾ: ਇਹ ਸੱਚ ਹੈ ਕਿ ਮੈਂ ਤੁਹਾਨੂੰ ਭਲਾਈ ਦਾ ਹੁਕਮ ਦਿੰਦਾ ਸੀ, ਲੇਕਿਨ ਆਪ ਉਸ 'ਤੇ ਅਮਲ ਨਹੀਂ ਕਰਦਾ ਸੀ। ਮੈਂ ਬੁਰਾਈ ਤੋਂ ਰੋਕਦਾ ਸੀ, ਲੇਕਿਨ ਆਪ ਉਸ ਵਿੱਚ ਲੁਪਤ (ਲੀਨ) ਹੋ ਜਾਇਆ ਕਰਦਾ ਸੀ।

فوائد الحديث

ਹੁਕਮਰਾਨਾਂ (ਸ਼ਾਸ਼ਕਾਂ) ਨੂੰ ਨਸੀਹਤ ਇਕਾਂਤ ਵਿੱਚ ਕਰਨੀ ਚਾਹੀਦੀ ਹੈ ਅਤੇ ਉਸਦੀ ਚਰਚਾ ਆਮ ਲੋਕਾਂ ਦੇ ਸਾਹਮਣੇ ਨਹੀਂ ਕਰਨੀ ਚਾਹੀਦੀ।

ਅਜਿਹੇ ਵਿਅਕਤੀ ਲਈ ਸਖਤ ਸਜ਼ਾ ਦੀ ਚੇਤਾਵਨੀ ਹੈ, ਜਿਸ ਦਾ ਕਥਨ ਉਸਦੇ ਕਰਮ ਦੇ ਵਿਰੁੱਧ (ਉਲਟ) ਹੋਵੇ।

ਅਮੀਰਾਂ (ਆਗੂਆਂ) ਦੇ ਨਾਲ ਅਦਬ ਤੇ ਸਤਿਕਾਰ ਨਾਲ ਪੇਸ਼ ਆਉਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਭਲਾਈ ਦਾ ਹੁਕਮ ਦੇਣਾ ਅਤੇ ਬੁਰਾਈ ਤੋਂ ਰੋਕਣਾ ਚਾਹੀਦਾ ਹੈ।

ਅਮੀਰਾਂ ਦੀ ਚਾਪਲੂਸੀ ਕਰਨਾ ਅਤੇ ਦਿਲ ਵਿੱਚ ਕੁੱਝ ਰੱਖਣਾ ਤੇ ਉਨ੍ਹਾਂ ਦੇ ਸਾਹਮਣੇ ਕੁੱਝ ਹੋਰ ਕਹਿਣਾ ਇੱਕ ਨਿੰਦਣਯੋਗ ਕੰਮ ਹੈ।

التصنيفات

Descriptions of Paradise and Hell