ਹੇ ਮੇਰੇ ਬੰਦਿਓ! ਮੈਂ ਜ਼ੁਲਮ ਕਰਨ ਨੂੰ ਆਪਣੇ ਉੱਤੇ ਹਰਾਮ ਕਰ ਲਿਆ ਹੈ, ਅਤੇ ਤੁਹਾਡੇ ਲਈ ਵੀ ਇਸ ਨੂੰ ਹਰਾਮ ਕਰ ਦਿੱਤਾ ਹੈ। ਇਸ ਲਈ ਤੁਸੀਂ ਇੱਕ…

ਹੇ ਮੇਰੇ ਬੰਦਿਓ! ਮੈਂ ਜ਼ੁਲਮ ਕਰਨ ਨੂੰ ਆਪਣੇ ਉੱਤੇ ਹਰਾਮ ਕਰ ਲਿਆ ਹੈ, ਅਤੇ ਤੁਹਾਡੇ ਲਈ ਵੀ ਇਸ ਨੂੰ ਹਰਾਮ ਕਰ ਦਿੱਤਾ ਹੈ। ਇਸ ਲਈ ਤੁਸੀਂ ਇੱਕ ਦੂਜੇ 'ਤੇ ਜ਼ੁਲਮ ਨਾ ਕਰੋ

ਅਬੁਜ਼ਰ ਰਜ਼ੀਅੱਲਾਹ ਅਨਹੁ ਤੋਂ ਰਿਵਾਇਤ ਹੈ ਕਿ: ਨਬੀ ਕਰੀਮ ﷺ ਆਪਣੇ ਮਹਾਨ ਰੱਬ ਤੋਂ ਰਿਵਾਇਤ ਕਰਦੇ ਹੋਏ ਕਹਿੰਦੇ ਹਨ ਕਿ ਉਸਨੇ ਫਰਮਾਇਆ: "ਹੇ ਮੇਰੇ ਬੰਦਿਓ! ਮੈਂ ਜ਼ੁਲਮ ਕਰਨ ਨੂੰ ਆਪਣੇ ਉੱਤੇ ਹਰਾਮ ਕਰ ਲਿਆ ਹੈ, ਅਤੇ ਤੁਹਾਡੇ ਲਈ ਵੀ ਇਸ ਨੂੰ ਹਰਾਮ ਕਰ ਦਿੱਤਾ ਹੈ। ਇਸ ਲਈ ਤੁਸੀਂ ਇੱਕ ਦੂਜੇ 'ਤੇ ਜ਼ੁਲਮ ਨਾ ਕਰੋ। ਹੇ ਮੇਰੇ ਬੰਦਿਓ! ਤੁਸੀਂ ਸਾਰੇ ਗੁਮਰਾਹ ਹੋ, ਸਿਵਾਏ ਉਸ ਤੋਂ ਜਿਸ ਨੂੰ ਮੈਂ ਹਿਦਾਇਤ (ਮਾਰਗਦਰਸ਼ਨ) ਦੇਵਾਂ। ਇਸ ਲਈ ਤੁਸੀਂ ਮੇਰੇ ਕੋਲੋਂ ਹਿਦਾਇਤ ਮੰਗੋ, ਮੈਂ ਤੁਹਾਨੂੰ ਹਿਦਾਇਤ ਦਿਵਾਂਗਾ। ਹੇ ਮੇਰੇ ਬੰਦਿਓ! ਤੁਸੀਂ ਸਾਰੇ ਭੁੱਖੇ ਹੋ, ਸਿਵਾਏ ਉਸਦੇ ਜਿਸ ਨੂੰ ਮੈਂ ਖਿਲਾਵਾਂ। ਇਸ ਲਈ ਤੁਸੀਂ ਮੇਰੇ ਕੋਲੋਂ ਖਾਣਾ ਮੰਗੋ, ਮੈਂ ਤੁਹਾਨੂੰ ਖਾਣਾ ਖਿਲਾਵਾਂਗਾ। ਹੇ ਮੇਰੇ ਬੰਦਿਓ! ਤੁਸੀਂ ਸਾਰੇ ਨੰਗੇ ਹੋ, ਸਿਵਾਏ ਉਸਦੇ ਜਿਸ ਨੂੰ ਮੈਂ ਕੱਪੜੇ ਪਹਿਨਾਵਾਂ। ਇਸ ਲਈ ਤੁਸੀਂ ਮੇਰੇ ਕੋਲੋਂ ਕੱਪੜੇ ਮੰਗੋ, ਮੈਂ ਤੁਹਾਨੂੰ ਕੱਪੜੇ ਪਹਿਨਾਵਾਂਗਾ। ਹੇ ਮੇਰੇ ਬੰਦਿਓ! ਤੁਸੀਂ ਦਿਨ ਰਾਤ ਗੁਨਾਹ ਕਰਦੇ ਹੋ, ਅਤੇ ਮੈਂ ਸਾਰੇ ਗੁਨਾਹ ਮਾਫ਼ ਕਰਦਾ ਹਾਂ। ਇਸ ਲਈ ਮੇਰੇ ਕੋਲੋਂ ਮਾਫ਼ੀ ਮੰਗੋ, ਮੈਂ ਤੁਹਾਨੂੰ ਮਾਫ਼ ਕਰ ਦਿਵਾਂਗਾ। ਹੇ ਮੇਰੇ ਬੰਦਿਓ! ਤੁਸੀਂ ਨੁਕਸਾਨ ਪਹੁੰਚਾਉਣ ਦੇ ਹੱਕਦਾਰ ਨਹੀਂ ਬਣ ਸਕਦੇ ਕਿ ਤੁਸੀਂ ਸਾਰੇ ਮਿਲ ਕੇ ਮੈਨੂੰ ਕੋਈ ਨੁਕਸਾਨ ਪਹੁੰਚਾ ਸਕੋਂ ਅਤੇ ਨਾ ਹੀ ਤੁਸੀਂ ਫਾਇਦਾ ਪਹੁੰਚਾਉਣ ਦੇ ਹੱਕਦਾਰ ਬਣ ਸਕਦੇ ਹੋ ਕਿ ਤੁਸੀਂ ਸਾਰੇ ਮਿਲ ਕੇ ਮੈਨੂੰ ਕੋਈ ਫਾਇਦਾ ਪਹੁੰਚਾ ਸਕੋਂ। ਹੇ ਮੇਰੇ ਬੰਦਿਓ! ਜੇਕਰ ਤੁਹਾਥੋਂ ਪਹਿਲਾਂ ਦੇ ਲੋਕ ਤੇ ਤੁਹਾਥੋਂ ਬਾਅਦ ਵਾਲੇ ਲੋਕ, ਤੁਹਾਡੇ ਇਨਸਾਨ ਤੇ ਤੁਹਾਡੇ ਜਿੰਨ; ਤੁਹਾਡੇ ਵਿਚਕਾਰ ਰਹਿਣ ਵਾਲੇ ਸਭ ਤੋਂ ਵੱਧ ਆਗਿਆਕਾਰੀ ਬੰਦੇ ਦੇ ਦਿਲ ਵਾਂਗ ਹੋ ਜਾਣ, ਤਾਂ ਵੀ ਮੇਰੀ ਬਾਦਸ਼ਾਹੀ ਵਿੱਚ ਕੋਈ ਵਾਧਾ ਨਹੀਂ ਹੋਵੇਗਾ। ਹੇ ਮੇਰੇ ਬੰਦਿਓ! ਜੇਕਰ ਤੁਹਾਥੋਂ ਪਹਿਲਾਂ ਦੇ ਲੋਕ ਤੇ ਤੁਹਾਥੋਂ ਬਾਅਦ ਵਾਲੇ ਲੋਕ, ਤੁਹਾਡੇ ਇਨਸਾਨ ਤੇ ਤੁਹਾਡੇ ਜਿੰਨ; ਤੁਹਾਡੇ ਵਿਚਕਾਰ ਰਹਿਣ ਵਾਲੇ ਸਭ ਤੋਂ ਵੱਧ ਪਾਪੀ ਬੰਦੇ ਦੇ ਦਿਲ ਵਾਂਗ ਹੋ ਜਾਣ, ਤਾਂ ਵੀ ਮੇਰੀ ਬਾਦਸ਼ਾਹੀ ਵਿੱਚ ਕੋਈ ਘਾਟਾ ਨਹੀਂ ਹੋਵੇਗਾ। ਹੇ ਮੇਰੇ ਬੰਦਿਓ! ਜੇਕਰ ਤੁਹਾਥੋਂ ਪਹਿਲਾਂ ਦੇ ਲੋਕ ਤੇ ਤੁਹਾਡੇ ਬਾਅਦ ਵਾਲੇ ਲੋਕ, ਤੁਹਾਡੇ ਇਨਸਾਨ ਤੇ ਤੁਹਾਡੇ ਜਿੰਨ; ਇੱਕ ਖੁੱਲ੍ਹੇ ਮੈਦਾਨ ਵਿੱਚ ਖੜੇ ਹੋ ਜਾਣ ਅਤੇ ਸਾਰੇ ਮੈਥੋਂ ਆਪਣੀਆਂ ਮੰਗਾਂ ਮੰਗਣ, ਅਤੇ ਮੈਂ ਹਰੇਕ ਨੂੰ ਉਸਦੀ ਮੰਗੀ ਚੀਜ਼ ਦੇ ਦੇਵਾਂ, ਤਾਂ ਉਸ ਨਾਲ ਮੇਰੇ ਖ਼ਜ਼ਾਨੇ ਵਿੱਚ ਇਸ ਤੋਂ ਵੱਧ ਕਮੀ ਨਹੀਂ ਹੋਵੇਗੀ ਜਿੰਨੀ ਇੱਕ ਸਮੁੰਦਰ ਵਿੱਚ ਸੁਈ ਡੁਬੋ ਕੇ ਕੱਢਣ ਨਾਲ ਹੁੰਦੀ ਹੈ। ਹੇ ਮੇਰੇ ਬੰਦਿਓ! ਇਹ ਤੁਹਾਡੇ ਆਪਣੇ ਕਰਮ ਹੀ ਹਨ ਜੋ ਮੈਂ ਗਿਣ ਕੇ ਰੱਖ ਰਿਹਾ ਹਾਂ ਅਤੇ ਫੇਰ ਤੁਹਾਨੂੰ ਉਨ੍ਹਾਂ ਦਾ ਪੂਰਾ-ਪੂਰਾ ਬਦਲਾ ਵੀ ਦੇਵਾਂਗਾ। ਇਸ ਲਈ ਜਿਸ ਕਿਸੇ ਨੂੰ ਵੀ ਕੋਈ ਭਲਾਈ ਮਿਲੇ, ਉਹ ਅੱਲਾਹ ਦਾ ਸ਼ੁਕਰ ਕਰੇ, ਅਤੇ ਜਿਸ ਕਿਸੇ ਨੂੰ ਇਸਤੋਂ ਵੱਖ ਮਿਲੇ, ਤਾਂ ਉਹ ਆਪਣੇ ਆਪ ਨੂੰ ਹੀ ਦੋਸ਼ ਦੇਵੇ।"

[صحيح] [رواه مسلم]

الشرح

ਨਬੀ ਕਰੀਮ ﷺ ਦੱਸਦੇ ਹਨ ਕਿ ਅੱਲਾਹ ਤਆਲਾ ਨੇ ਫਰਮਾਇਆ ਕਿ ਉਸ ਨੇ ਜ਼ੁਲਮ ਨੂੰ ਆਪਣੇ ਉੱਤੇ ਹਰਾਮ ਕਰ ਲਿਆ ਹੈ, ਅਤੇ ਆਪਣੀ ਮਖਲੂਕ ਲਈ ਵੀ ਜ਼ੁਲਮ ਨੂੰ ਹਰਾਮ ਕਰ ਦਿੱਤਾ ਹੈ, ਤਾਂ ਜੋ ਕੋਈ ਵੀ ਕਿਸੇ 'ਤੇ ਜ਼ੁਲਮ ਨਾ ਕਰੇ। ਅੱਲਾਹ ਕਹਿੰਦਾ ਹੈ ਕਿ ਸਾਰੇ ਇਨਸਾਨ ਹੱਕ ਦੇ ਰਾਹ ਤੋਂ ਭਟਕੇ ਹੋਏ ਹਨ, ਸਿਵਾਏ ਉਸ ਦੇ ਜਿਸ ਨੂੰ ਅੱਲਾਹ ਹੱਕ ਦਾ ਰਾਹ ਵਿਖਾਵੇ ਅਤੇ ਹੱਕ ਦੇ ਰਾਹ 'ਤੇ ਚੱਲਣ ਦੀ ਤੌਫੀਕ (ਸਮਰੱਥਾ) ਦੇਵੇ। ਜੋ ਕੋਈ ਵੀ ਅੱਲਾਹ ਤੋਂ ਹੱਕ ਦੇ ਰਾਹ 'ਤੇ ਚੱਲਣ ਦੀ ਤੌਫੀਕ ਮੰਗਦਾ ਹੈ, ਉਸ ਨੂੰ ਅੱਲਾਹ ਇਹ ਤੌਫੀਕ ਦਿੰਦਾ ਹੈ। ਸਾਰੇ ਇਨਸਾਨ ਆਪਣੀਆਂ ਸਾਰੀਆਂ ਜ਼ਰੂਰਤਾਂ ਲਈ ਅੱਲਾਹ ਦੇ ਮੁਹਤਾਜ ਹਨ, ਅਤੇ ਜੋ ਕੋਈ ਵੀ ਅੱਲਾਹ ਤੋਂ ਆਪਣੀਆਂ ਜ਼ਰੂਰਤਾਂ ਲਈ ਦੁਆ ਮੰਗਦਾ ਹੈ, ਅੱਲਾਹ ਉਸਦੀ ਜ਼ਰੂਰਤਾਂ ਪੂਰੀਆਂ ਕਰ ਦਿੰਦਾ ਹੈ। ਸਾਰੇ ਇਨਸਾਨ ਦਿਨ-ਰਾਤ ਗੁਨਾਹ ਕਰਦੇ ਹਨ ਅਤੇ ਅੱਲਾਹ ਉਨ੍ਹਾਂ ਦੇ ਗੁਨਾਹਾਂ 'ਤੇ ਪਰਦਾ ਪਾਉਂਦਾ ਹੈ ਤੇ ਮਾਫ਼ੀ ਮੰਗਣ ਵਾਲੇ ਨੂੰ ਮਾਫ਼ ਕਰਦਾ ਹੈ ਇਨਸਾਨ ਨਾ ਤਾਂ ਅੱਲਾਹ ਨੂੰ ਕਿਸੇ ਤਰੀਕੇ ਦਾ ਕੋਈ ਨੁਕਸਾਨ ਪਹੁੰਚਾ ਸਕਦੇ ਹਨ ਅਤੇ ਨਾ ਹੀ ਕੋਈ ਫਾਇਦਾ ਪਹੁੰਚਾ ਸਕਦੇ ਹਨ। ਜੇਕਰ ਸਾਰੇ ਇਨਸਾਨ ਮਿਲਕੇ ਉਨ੍ਹਾਂ ਵਿੱਚ ਮੌਜੂਦ ਸਭ ਤੋਂ ਵੱਧ ਨੇਕ ਬੰਦੇ ਦੇ ਦਿਲ ਵਾਂਗ ਹੋ ਜਾਣ, ਤਾਂ ਉਨ੍ਹਾਂ ਦੀ ਇਸ ਨੇਕੀ ਨਾਲ ਅੱਲਾਹ ਦੀ ਬਾਦਸ਼ਾਹੀ ਵਿੱਚ ਕੋਈ ਵਾਧਾ ਨਹੀਂ ਹੋਵੇਗਾ। ਇਸਦੇ ਉਲਟ ਜੇਕਰ ਉਹ ਸਾਰੇ ਮਿਲਕੇ ਸਭ ਤੋਂ ਵੱਧ ਪਾਪੀ ਬੰਦੇ ਦੇ ਦਿਲ ਵਾਂਗ ਹੋ ਜਾਣ, ਤਾਂ ਉਨ੍ਹਾਂ ਦੀ ਇਸ ਹਠਧਰਮੀ ਨਾਲ ਅੱਲਾਹ ਦੀ ਬਾਦਸ਼ਾਹੀ ਵਿੱਚ ਭੋਰਾ-ਭਰ ਵੀ ਘਾਟਾ ਨਹੀਂ ਹੋਵੇਗਾ। ਇਹ ਸਭ ਇਸ ਲਈ ਹੈ ਕਿਉਂਕਿ ਉਹ ਸਾਰੇ ਕਮਜ਼ੋਰ ਅਤੇ ਹਰ ਹਾਲ, ਹਰ ਸਮੇਂ ਤੇ ਹਰ ਥਾਂ ਵਿੱਚ ਅੱਲਾਹ ਦੇ ਮੁਹਤਾਜ ਹਨ, ਜਦੋਂ ਕਿ ਅੱਲਾਹ ਤਆਲਾ ਬੇਨਿਆਜ਼ (ਖੁਦਮੁਖਤਾਰ) ਤੇ ਬੇਪਰਵਾਹ ਹੈ। ਜੇਕਰ ਸਾਰੇ ਇਨਸਾਨ ਅਤੇ ਜਿੰਨ, ਪਹਿਲਾਂ ਵਾਲੇ ਵੀ ਤੇ ਬਾਅਦ ਵਾਲੇ ਵੀ, ਇੱਕ ਥਾਂ 'ਤੇ ਇਕੱਠੇ ਖੜੇ ਹੋ ਕੇ ਅੱਲਾਹ ਤਆਲਾ ਤੋਂ ਆਪਣੀਆਂ-ਆਪਣੀਆਂ ਮੰਗਾਂ ਮੰਗਣ, ਅਤੇ ਅੱਲਾਹ ਹਰੇਕ ਨੂੰ ਉਸ ਦੀ ਮੰਗ ਮੁਤਾਬਕ ਦੇ ਦੇਵੇ, ਤਾਂ ਇਸ ਨਾਲ ਅੱਲਾਹ ਦੇ ਖ਼ਜ਼ਾਨੇ ਵਿੱਚ ਕੋਈ ਕਮੀ ਨਹੀਂ ਆਵੇਗੀ। ਇਹ ਇੰਜ ਹੈ ਕਿ ਜਿਵੇਂ ਇੱਕ ਸੁਈ ਨੂੰ ਸਮੁੰਦਰ ਵਿੱਚ ਡੁਬੋ ਕੇ ਕੱਢ ਲਿਆ ਜਾਵੇ, ਤਾਂ ਉਸ ਨਾਲ ਸਮੁੰਦਰ ਦੇ ਪਾਣੀ ਵਿੱਚ ਕੋਈ ਕਮੀ ਨਹੀਂ ਆਉਂਦੀ। ਇਹ ਸਭ ਇਸ ਲਈ ਹੈ ਕਿ ਅੱਲਾਹ ਸੰਪੂਰਨ ਤੌਰ 'ਤੇ ਬੇਨਿਆਜ਼ ਹੈ। ਅੱਲਾਹ ਤਆਲਾ ਬੰਦਿਆਂ ਦੇ ਕਰਮਾਂ ਨੂੰ ਸੁਰੱਖਿਅਤ ਤੇ ਗਿਣਕੇ ਰੱਖਦਾ ਹੈ, ਅਤੇ ਕਿਆਮਤ ਦੇ ਦਿਨ ਉਨ੍ਹਾਂ ਨੂੰ ਉਨ੍ਹਾਂ ਦੇ ਅਮਲਾਂ (ਕਰਮਾਂ) ਦਾ ਪੂਰਾ ਬਦਲਾ ਵੀ ਦੇਵੇਗਾ। ਸੋ ਜੋ ਕੋਈ ਵੀ ਆਪਣੇ ਅਮਲਾਂ ਦਾ ਬਦਲਾ ਚੰਗਾ ਪਾਵੇ, ਉਸ ਨੂੰ ਚਾਹੀਦਾ ਹੈ ਕਿ ਅੱਲਾਹ ਦਾ ਸ਼ੁਕਰ ਕਰੇ ਕਿ ਉਸਨੇ ਉਸ ਬੰਦੇ ਨੂੰ ਨੇਕ ਕੰਮ ਕਰਨ ਦਾ ਮੌਕਾ ਦਿੱਤਾ ਅਤੇ ਜੋ ਕੋਈ ਇਸ ਤੋਂ ਵੱਖ ਬਦਲਾ ਪਾਵੇ, ਉਸ ਨੂੰ ਚਾਹੀਦਾ ਹੈ ਕਿ ਆਪਣੇ ਆਪ ਨੂੰ ਹੀ ਦੋਸ਼ ਦੇਵੇ, ਕਿ ਉਸਦੇ ਮਨ ਨੇ ਉਸਨੂੰ ਮਾੜੇ ਕੰਮਾਂ ਵੱਲ ਤੋਰਿਆ, ਜਿਸ ਨਾਲ ਉਹ ਘਾਟਾ ਖਾਣ ਵਾਲਾ ਤੇ ਬਰਬਾਦ ਹੋ ਗਿਆ।

فوائد الحديث

ਇਹ ਹਦੀਸ ਉਨ੍ਹਾਂ ਹਦੀਸਾਂ ਵਿੱਚੋਂ ਇੱਕ ਹੈ ਜੋ ਨਬੀ ﷺ ਨੇ ਆਪਣੇ ਰੱਬ ਤੋਂ ਰਿਵਾਇਤ ਕੀਤੀ ਹੈ। ਇਸ ਤਰ੍ਹਾਂ ਦੀ ਹਦੀਸ ਨੂੰ 'ਹਦੀਸ-ਏ-ਕੁਦਸੀ' ਜਾਂ 'ਹਦੀਸ-ਏ-ਇਲਾਹੀ' ਕਿਹਾ ਜਾਂਦਾ ਹੈ। ਇਹ ਉਹ ਹਦੀਸ ਹੈ, ਜਿਸ ਵਿੱਚ ਸ਼ਬਦ ਅਤੇ ਅਰਥ ਦੋਵੇਂ ਅੱਲਾਹ ਵੱਲੋਂ ਹੁੰਦੇ ਹਨ। ਲੇਕਿਨ ਇਸ ਵਿੱਚ ਕੁਰਆਨ ਵਰਗੀਆਂ ਵਿਸ਼ੇਸ਼ਤਾਵਾਂ, ਜਿਵੇਂ ਕਿ ਉਸ ਦੀ ਤਿਲਾਵਤ ਦਾ ਇਬਾਦਤ ਹੋਣਾ, ਉਸ ਲਈ ਪਾਕੀ (ਸਫਾਈ) ਦਾ ਧਿਆਨ ਰੱਖਣਾ ਅਤੇ ਉਸ ਦਾ ਚਮਤਕਾਰ ਹੋਣਾ ਆਦਿ ਨਹੀਂ ਪਾਈਆਂ ਜਾਂਦੀਆਂ।

ਇਨਸਾਨ ਨੂੰ ਜੋ ਵੀ ਗਿਆਨ ਤੇ ਮਾਰਗਦਰਸ਼ਨ ਪ੍ਰਾਪਤ ਹੁੰਦਾ ਹੈ, ਉਹ ਅੱਲਾਹ ਦੀ ਹਿਦਾਇਤ ਅਤੇ ਉਸ ਦੀ ਸਿੱਖਿਆ ਤੋਂ ਹੀ ਪ੍ਰਾਪਤ ਹੁੰਦੀ ਹੈ।

ਇਨਸਾਨ ਨੂੰ ਜੋ ਵੀ ਭਲਾਈ ਮਿਲਦੀ ਹੈ, ਉਹ ਅੱਲਾਹ ਦੇ ਕਰਮ ਤੋਂ ਮਿਲਦੀ ਹੈ, ਅਤੇ ਜੋ ਵੀ ਬੁਰਾਈ ਮਿਲਦੀ ਹੈ, ਉਹ ਉਸ ਦੇ ਆਪਣੇ ਮਨ ਦੇ ਲਾਲਚ ਕਾਰਨ ਮਿਲਦੀ ਹੈ।

ਜਿਸਨੇ ਵੀ ਕੋਈ ਚੰਗਾ ਕੰਮ ਕੀਤਾ, ਉਸਨੇ ਉਹ ਅੱਲਾਹ ਦੀ ਦਿੱਤੀ ਤੌਫੀਕ (ਸਮਰੱਥਾ) ਨਾਲ ਕੀਤਾ ਅਤੇ ਉਸ ਦਾ ਇਨਾਮ ਅੱਲਾਹ ਦਾ ਕਰਮ ਹੈ, ਇਸ ਲਈ ਸਾਰੇ ਸ਼ੁਕਰਾਨੇ ਤੇ ਵਡਿਆਈਆਂ ਅੱਲਾਹ ਲਈ ਹੀ ਹਨ। ਇਸਦੇ ਉਲਟ ਜਿਸਨੇ ਵੀ ਕੋਈ ਬੁਰਾ ਕੰਮ ਕੀਤਾ, ਉਹ ਸਿਰਫ ਆਪਣੇ ਆਪ ਨੂੰ ਦੋਸ਼ ਦੇਵੇ।

التصنيفات

The Creed, Oneness of Allah's Names and Attributes