ਅੱਲਾਹ ਦੇ ਰਸੂਲ ﷺ ਨੇ ਸਾਨੂੰ ਖੁਤਬਾ-ਏ-ਹਾਜਤ ਸਿਖਾਇਆ

ਅੱਲਾਹ ਦੇ ਰਸੂਲ ﷺ ਨੇ ਸਾਨੂੰ ਖੁਤਬਾ-ਏ-ਹਾਜਤ ਸਿਖਾਇਆ

ਅਬਦੁੱਲਾਹ ਬਿਨ ਮਸਉਦ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਅੱਲਾਹ ਦੇ ਰਸੂਲ ﷺ ਨੇ ਸਾਨੂੰ ਖੁਤਬਾ-ਏ-ਹਾਜਤ ਸਿਖਾਇਆ ਜੋ ਇਸ ਤਰ੍ਹਾਂ ਹੈ: "إِنَّ الْحَمْدَ لِلَّهِ نَحْمَدُهُ وَنَسْتَعِينُهُ وَنَسْتَغْفِرُهُ، وَنَعُوذُ بِهِ مِنْ شُرُورِ أَنْفُسِنَا، مَنْ يَهْدِ اللَّهُ فَلَا مُضِلَّ لَهُ، وَمَنْ يُضْلِلْ فَلَا هَادِيَ لَهُ، وَأَشْهَدُ أَنْ لَا إِلَهَ إِلَّا اللَّهَ وَاشْهَدُ أَنَّ مُحَمَّدًا عَبْدُهُ وَرَسُولُهُ ، {يَا أَيُّهَا النَّاسُ اتَّقُوا رَبَّكُمُ الَّذِي خَلَقَكُمْ مِنْ نَفْسٍ وَاحِدَةٍ وَخَلَقَ مِنْهَا زَوْجَهَا وَبَثَّ مِنْهُمَا رِجَالًا كَثِيرًا وَنِسَاءَ وَاتَّقُوا اللَّهَ الَّذِي تَسَاءَلُونَ بِهِ والأرْحامَ إن اللهَ كانَ عليكم رقيبا۔} [النساء: 1]، {يَا أَيُّهَا الَّذِينَ آمَنُوا اتَّقُوا اللَّـهَ حَقَّ تُقَاتِهِ وَلَا تَمُوتُنَّ إِلَّا وَأَنتُم مُّسْلِمُونَ۔} [آل عمران: 102]، {يَا أَيُّهَا الَّذِينَ آمَنُوا اتَّقُوا اللَّـهَ وَقُولُوا قَوْلًا سَدِيدًا، يُصْلِحْ لَكُمْ أَعْمَالَكُمْ وَيَغْفِرْ لَكُمْ ذُنُوبَكُمْ ۗ وَمَن يُطِعِ اللَّـهَ وَرَسُولَهُ فَقَدْ فَازَ فَوْزًا عَظِيمًا۔} [الأحزاب: 70 - 71]۔ ” ਸਾਰੀਆਂ ਤਾਰੀਫ਼ਾਂ ਅੱਲਾਹ ਲਈ ਹਨ। ਅਸੀਂ ਉਸੇ ਤੋਂ ਮਦਦ ਮੰਗਦੇ ਹਾਂ ਅਤੇ ਉਸੇ ਤੋਂ (ਆਪਣੇ ਗੁਨਾਹਾਂ ਦੀ) ਮਾਫੀ ਮੰਗਦੇ ਹਾਂ ਅਤੇ ਆਪਣੇ ਨਫ਼ਸ (ਅੰਤਰਮਨ) ਦੀਆਂ ਬੁਰਾਈਆਂ ਤੋਂ ਉਸ ਦੀ ਪਨਾਹ (ਸ਼ਰਨ) ਚਾਹੁੰਦੇ ਹਾਂ। ਜਿਸਨੂੰ ਉਹ ਸਹੀ ਰਾਹ ਦਿਖਾਵੇ, ਉਸਨੂੰ ਕੋਈ ਗੁਮਰਾਹ ਨਹੀਂ ਕਰ ਸਕਦਾ ਅਤੇ ਜਿਸਨੂੰ ਉਹ ਗੁਮਰਾਹ ਕਰ ਦੇਵੇ, ਉਸਨੂੰ ਕੋਈ ਰਾਹ ਦਿਖਾ ਨਹੀਂ ਸਕਦਾ। ਮੈਂ ਗਵਾਹੀ ਦਿੰਦਾ ਹਾਂ ਕਿ ਅੱਲਾਹ ਤੋਂ ਇਲਾਵਾ ਕੋਈ ਸੱਚਾ ਮਾਬੂਦ (ਇਸ਼ਟ) ਨਹੀਂ ਅਤੇ ਮੈਂ ਗਵਾਹੀ ਦਿੰਦਾ ਹਾਂ ਕਿ ਮੁਹੰਮਦ ﷺ ਉਸਦੇ ਬੰਦੇ ਅਤੇ ਰਸੂਲ ਹਨ। {ਹੇ ਲੋਕੋ! ਆਪਣੇ ਉਸ ਪਾਲਣਹਾਰ ਤੋਂ ਡਰੋ ਜਿਸ ਨੇ ਤੁਹਾਨੂੰ ਸਭ ਨੂੰ ਇੱਕ ਜਾਨ (ਹਜ਼ਰਤ ਆਦਮ) ਤੋਂ ਪੈਦਾ ਕੀਤਾ ਤੇ ਉਸੇ (ਜਾਨ) ਤੋਂ ਉਹਦਾ ਜੋੜਾ (ਪਤਨੀ ਹੱਵਾ ਨੂੰ) ਬਣਾਇਆ ਅਤੇ ਉਹਨਾਂ ਦੋਵਾਂ ਤੋਂ ਬਹੁਤ ਸਾਰੇ ਮਰਦ ਤੇ ਔਰਤਾਂ (ਦੁਨੀਆਂ ਵਿੱਚ) ਫੈਲਾਅ ਦਿੱਤੇ। ਉਸ ਅੱਲਾਹ ਤੋਂ ਡਰੋ ਜਿਸ ਦਾ ਵਾਸਤਾ ਪਾ ਕੇ ਤੁਸੀਂ ਇੱਕ ਦੂਜੇ ਕੋਲੋਂ (ਰਿਸ਼ਤੇ) ਮੰਗਦੇ ਹੋ, ਅਤੇ ਰਿਸ਼ਤੇ ਨਾਤੇ ਤੋੜਣ ਤੋਂ ਬਚੋ। ਬੇਸ਼ੱਕ ਅੱਲਾਹ ਤੁਹਾਡੀ ਨਿਗਰਾਨੀ ਕਰ ਰਿਹਾ ਹੈ।} [ਸੂਰਤ ਅਨ-ਨਿਸਾ: 1] {ਹੇ ਈਮਾਨ ਵਾਲਿਓ! ਅੱਲਾਹ ਤੋਂ ਡਰੋ ਜਿਹਾ ਕਿ ਉਸ ਤੋਂ ਡਰਨਾ ਚਾਹੀਦਾ ਹੈ ਅਤੇ ਵੇਖੋ ਮਰਦੇ ਦਮ ਤੱਕ ਮੁਸਲਮਾਨ ਹੀ ਰਹਿਣਾ।} [ਸੂਰਤ ਆਲੇ-ਇਮਰਾਨ: 102] {ਹੇ ਈਮਾਨ ਵਾਲਿਓ! ਤੁਸੀਂ (ਕੇਵਲ) ਅੱਲਾਹ ਤੋਂ ਹੀ ਡਰੋ ਅਤੇ ਸਿੱਧੀਆਂ ਤੇ ਸੱਚੀਆਂ ਗੱਲਾਂ ਕਰਿਆ ਕਰੋ। (ਇੰਜ ਕਰਨ ਨਾਲ) ਉਹ ਅੱਲਾਹ ਤੁਹਾਡੇ ਸਾਰੇ ਕਰਮਾਂ ਨੂੰ ਸੁਆਰ ਦੇਵੇਗਾ ਅਤੇ ਤੁਹਾਡੇ ਗੁਨਾਹਾਂ ਨੂੰ ਮੁਆਫ਼ ਕਰ ਦੇਵੇਗਾ ਅਤੇ ਜੋ ਕੋਈ ਵੀ ਅੱਲਾਹ ਅਤੇ ਉਸ ਦੇ ਰਸੂਲ ਦੇ ਹੁਕਮਾਂ ਦੀ ਪਾਲਣਾ ਕਰੇਗਾ, ਬੇਸ਼ੱਕ ਉਸੇ ਨੇ ਹੀ ਅਸਲੀ ਕਾਮਯਾਬੀ ਪ੍ਰਾਪਤ ਕਰ ਲਈ।} [ ਸੂਰਤ ਅਲ-ਅਹਜ਼ਾਬ: 70-71]

[صحيح] [رواه أبو داود والترمذي والنسائي وابن ماجه وأحمد]

الشرح

ਅਬਦੁੱਲਾਹ ਬਿਨ ਮਸਉਦ (ਰਜ਼ੀਅੱਲਾਹੁ ਅਨਹੁ) ਦੱਸਦੇ ਹਨ ਕਿ ਨਬੀ ﷺ ਨੇ ਉਨ੍ਹਾਂ ਨੂੰ ਖੁਤਬਾ-ਏ-ਹਾਜਤ ਸਿਖਾਇਆ। ਖੁਤਬਾ-ਏ-ਹਾਜਤ ਤੋਂ ਮੁਰਾਦ ਅਸਲ ਵਿੱਚ ਉਹ ਸ਼ਬਦ ਹਨ, ਜੋ ਖੁਤਬਿਆਂ (ਉਪਦੇਸ਼ਾਂ) ਤੇ ਜ਼ਰੂਰੀ ਕੰਮਾਂ ਦੇ ਸ਼ੁਰੂਆਤ ਵਿੱਚ ਕਹੇ ਜਾਂਦੇ ਹਨ। ਜਿਵੇਂ ਕਿ ਨਿਕਾਹ ਦਾ ਖੁਤਬਾ, ਜੁਮੇ ਦਾ ਖੁਤਬਾ ਆਦਿ। ਇਸ ਖੁਤਬੇ ਵਿੱਚ ਕਈ ਸ਼ਾਨਦਾਰ ਤੇ ਵੱਡੀਆਂ ਗੱਲਾਂ ਮੌਜੂਦ ਹਨ। ਜਿਵੇਂ ਕਿ ਅੱਲਾਹ ਦਾ ਹਰ ਪ੍ਰਕਾਰ ਦੀ ਤਾਰੀਫ਼ ਦਾ ਹੱਕਦਾਰ ਹੋਣਾ, ਸਿਰਫ਼ ਉਸੇ ਤੋਂ ਮਦਦ ਤੇ ਗੁਨਾਹਾਂ ਦੀ ਮਾਫ਼ੀ ਮੰਗਣਾ, ਗੁਨਾਹਾਂ 'ਤੇ ਪਰਦਾ ਪਾਉਣ ਅਤੇ ਬਖਸ਼ਿਸ਼ ਦੀ ਬੇਨਤੀ ਕਰਨਾ, ਹਰ ਤਰ੍ਹਾਂ ਦੀਆਂ ਬੁਰਾਈਆਂ ਤੋਂ, ਖ਼ਾਸ ਕਰਕੇ ਨਫ਼ਸ (ਅੰਤਰਮਨ) ਦੀਆਂ ਬੁਰਾਈਆਂ ਤੋਂ ਉਸਦੀ ਪਨਾਹ (ਸ਼ਰਨ) ਮੰਗਣਾ ਆਦਿ। ਫੇਰ ਅੱਲਾਹ ਦੇ ਨਬੀ ﷺ ਨੇ ਦੱਸਿਆ ਕਿ ਹਿਦਾਇਤ (ਸਿੱਧੇ ਰਾਹ ਦਾ ਮਾਰਗਦਰਸ਼ਨ) ਅੱਲਾਹ ਦੇ ਹੱਥ ਵਿੱਚ ਹੈ। ਜਿਸਨੂੰ ਉਹ ਹਿਦਾਇਤ ਦੇ ਦੇਵੇ, ਉਸਨੂੰ ਕੋਈ ਗੁਮਰਾਹ ਨਹੀਂ ਕਰ ਸਕਦਾ ਅਤੇ ਜਿਸਨੂੰ ਉਹ ਗੁਮਰਾਹ ਕਰ ਦੇਵੇ, ਉਸਨੂੰ ਕੋਈ ਹਿਦਾਇਤ ਨਹੀਂ ਦੇ ਸਕਦਾ। ਫੇਰ ਅੱਲਾਹ ਦੇ ਇੱਕ ਹੋਣ ਦੀ ਗਵਾਹੀ ਦਾ ਵਰਣਨ ਕੀਤਾ ਅਤੇ ਦੱਸਿਆ ਕਿ ਅੱਲਾਹ ਤੋਂ ਇਲਾਵਾ ਕੋਈ ਵੀ ਸੱਚਾ ਮਾਬੂਦ (ਇਸ਼ਟ) ਨਹੀਂ ਹੈ। ਇਸਦੇ ਨਾਲ ਹੀ ਰਿਸਾਲਤ ਦੀ ਗਵਾਹੀ ਦਿੱਤੀ ਕਿ ਮੁਹੰਮਦ ﷺ ਅੱਲਾਹ ਦੇ ਬੰਦੇ ਅਤੇ ਰਸੂਲ ਹਨ। ਇਸ ਖੁਤਬੇ ਨੂੰ ਤਿੰਨ ਕੁਰਆਨੀ ਆਇਤਾਂ ਨਾਲ ਖ਼ਤਮ ਕੀਤਾ, ਜਿਨ੍ਹਾਂ ਵਿੱਚ ਅੱਲਾਹ ਤਆਲਾ ਤੋਂ ਡਰਨ (ਤਕਵਾ ਅਪਣਾਉਣ) ਦਾ ਹੁਕਮ ਦਿੱਤਾ ਗਿਆ ਹੈ; ਇੰਜ ਕਿ ਉਸ ਦੇ ਹੁਕਮਾਂ ਦੀ ਆਗਿਆਕਾਰੀ ਕੀਤੀ ਜਾਵੇ ਅਤੇ ਉਸ ਦੀ ਮਨਾਹ ਕੀਤੀਆਂ ਚੀਜ਼ਾਂ ਤੋਂ ਦੂਰ ਰਿਹਾ ਜਾਵੇ; ਤਾਂ ਜੋ ਅੱਲਾਹ ਦੀ ਰਜ਼ਾ ਹਾਸਲ ਕੀਤੀ ਜਾਵੇ। ਇਨ੍ਹਾਂ ਆਇਤਾਂ ਵਿੱਚ ਦੱਸਿਆ ਗਿਆ ਹੈ ਕਿ ਜੋ ਵਿਅਕਤੀ ਇਹ ਕੰਮ ਕਰ ਲਵੇਗਾ, ਇਸ ਦੇ ਬਦਲੇ ਵਿੱਚ ਉਸ ਦੇ ਬੋਲ (ਕਥਨੀ) ਤੇ ਕਰਮ (ਕਰਨੀ) ਸੁਧਰ ਜਾਣਗੇ, ਉਸ ਦੇ ਗੁਨਾਹ ਮਿਟਾ ਦਿੱਤੇ ਜਾਣਗੇ, ਦੁਨੀਆ ਵਿੱਚ ਖੁਸ਼ਹਾਲ ਜ਼ਿੰਦਗੀ ਮਿਲੇਗੀ ਅਤੇ ਆਖਰਤ ਵਿੱਚ ਜੰਨਤ ਨਸੀਬ ਹੋਵੇਗੀ।

فوائد الحديث

ਨਿਕਾਹ ਤੇ ਜੁਮਾ ਆਦਿ ਦੇ ਖੁਤਬਿਆਂ ਦੀ ਸ਼ੁਰੂਆਤ ਇਸ ਖੁਤਬੇ ਨਾਲ ਕਰਨਾ ਮੁਸਤਹੱਬ (ਪਸੰਦੀਦਾ) ਹੈ।

ਖੁਤਬੇ ਵਿੱਚ ਅੱਲਾਹ ਦੀ ਤਾਰੀਫ਼, ਦੋਵੇਂ ਗਵਾਹੀਆਂ ਅਤੇ ਕੁੱਝ ਕੁਰਆਨੀ ਆਇਤਾਂ ਹੋਣੀਆਂ ਚਾਹੀਦੀਆਂ ਹਨ।

ਅੱਲਾਹ ਦੇ ਨਬੀ ﷺ ਨੇ ਆਪਣੇ ਸਹਾਬੀਆਂ (ਸਾਥੀਆਂ) ਨੂੰ ਦੀਨ (ਧਰਮ) ਨਾਲ ਸਬੰਧਤ ਹਰ ਜ਼ਰੂਰੀ ਚੀਜ਼ ਸਿਖਾਈ ਸੀ।

التصنيفات

Rulings and Conditions of Marriage